ਏਕ ਅੱਖਰੀ
ਸੰ. एकाक्ष्ारी. ਇੱਕ ਵਰਣਿਕ ਛੰਦ, ਜਿਸ ਦੇ ਕਈ ਰੂਪ ਦੇਖੀਦੇ ਹਨ. ੧. ਚੌਹਾ ਚਰਣਾ ਵਿੱਚ ਇੱਕ ਇੱਕ ਗੁਰੁ ਅੱਖਰ ਹੋਵੇ, ਇਹ ਪਹਿਲਾ ਰੂਪ ਹੈ. ਇਸ ਦਾ ਨਾਉਂ "ਸ਼੍ਰੀ" ਭੀ ਹੈ. ਉਦਾਹਰਣ- 'ਹੈ ਗੈ ਲੈ ਕੈ.' ਘੋੜੇ ਹਾਥੀ ਲੈ ਕੇ. ੨. ਮਹੀ ਛੰਦ ਦੇ ਚਾਰੇ ਚਰਣਾ ਦੇ ਆਦਿ ਇੱਕੋ ਅੱਖਰ ਹੋਵੇ, ਇਹ ਏਕ ਅੱਖਰੀ ਦਾ ਦੂਜਾ ਰੂਪ ਹੈ. ਮਹੀ ਦਾ ਲੱਛਣ ਹੈ ਪ੍ਰਤਿ ਚਰਣ ਇੱਕ ਲਘੁ ਇੱਕ ਗੁਰੁ. ਉਦਾਹਰਣ- "ਅਜੈ, ਅਲੈ, ਅਭੈ, ਅਬੈ." (ਜਾਪੁ) ੩. ਮਿ੍ਰਗੇਂਦ੍ਰ ਛੰਦ ਦੇ ਚਾਰੇ ਚਰਣਾ ਦੇ ਆਦਿ ਇੱਕੋ ਅੱਖਰ ਹੋਵੇ, ਇਹ ਤੀਜਾ ਰੂਪ ਹੈ. ਮਿ੍ਰਗੇਂਦ੍ਰ ਦਾ ਸਰੂਪ ਹੈ ਪ੍ਰਤਿ ਚਰਣ ਇੱਕ ਜਗਣ. ਉਦਾਹਰਣ- "ਅਗੰਜ, ਅਭੰਜ, ਅਲੱਖ, ਅਭੱਖ." (ਜਾਪੁ) ੪. ਸ਼ਸ਼ੀ ਛੰਦ ਦੇ ਚੌਹਾ ਚਰਣਾ ਦੇ ਆਦਿ ਇੱਕੋ ਅੱਖਰ ਲਾਉਣ ਤੋਂ ਚੌਥਾ ਰੂਪ ਹੁੰਦਾ ਹੈ. ਸ਼ਸ਼ੀ ਦੇ ਪ੍ਰਤਿ ਚਰਣ ਇੱਕ ਯਗਣ ਹੁੰਦਾ ਹੈ. ਉਦਾਹਰਣ- "ਨ ਰਾਗੇ, ਨ ਰੰਗੇ, ਨ ਰੂਪੇ, ਨ ਰੇਖੇ." (ਜਾਪੁ) ੫. ਇੱਕ ਅੱਖਰ ਨਾਲ ਹੀ ਸਾਰਾ ਛੰਦ ਰਚੀਏ, ਦੂਜਾ ਅੱਖਰ ਨਾ ਲਾਈਏ. ਛੰਦ ਚਾਹੋ ਕਿਸੇ ਜਾਤਿ ਦਾ ਹੋਵੇ, ਇਹ ਪੰਜਵਾ ਰੂਪ ਹੈ. ਉਦਾਹਰਣ- "ਕੇਕੀ ਕੋਕ ਕੰਕ ਦੀ ਕੂਕ." xxx ਮੋਰ ਚਕਵਾ ਅਤੇ ਗਿੱਧ ਦੀ ਪੁਕਾਰ.